Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ‘ਅਧਿਆਪਕ-ਦਿਵਸ’ ਮੌਕੇ ‘ਡਾ. ਰਾਧਾਕ੍ਰਿਸ਼ਨਨ’ ਨੂੰ ਦਿੱਤੀ ਸ਼ਰਧਾਂਜਲੀ

ਬੀ.ਬੀ.ਐੱਸ. ਨੂੰ ਆਪਣੇ ਮਿਹਨਤੀ ਅਤੇ ਕਾਰਜਕੁਸ਼ਲ ਅਧਿਆਪਕਾਂ ਉੱਪਰ ਮਾਣ ਹੈ : ਚੇਅਰਪਰਸਨ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਅੱਜ ਸਕੂਲ਼ ਵਿੱਚ ‘ਅਧਿਆਪਕ ਦਿਵਸ’ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਦੁਆਰਾ ਅਧਿਆਪਕਾਂ ਨੂੰ ਸਮਰਪਿਤ ਇੱਕ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ‘ਅਧਿਆਪਕ ਦਿਵਸ’ ਨਾਲ ਸਬੰਧਤ ਸੁੰਦਰ ਚਾਰਟ ਅਤੇ ਪ੍ਰੇਰਣਾਦਾਈ ਆਰਟੀਕਲ ਪੇਸ਼ ਕੀਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਕੁਆਇਰ ਵੱਲੋਂ ਗੁਰੂ ਵੰਦਨਾ ਗਾ ਕੇ ਕੀਤੀ ਗਈ। ਇਸ ਤੋਂ ਬਾਅਦ ਯੁ.ਕੇ.ਜੀ. ਦੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੇ ਸੰਨਮਾਨ ਵਿੱਚ ਇੱਕ ਕਵਿਤਾ ਬੋਲੀ ਗਈ। ਕਲਾਸ ਪਹਿਲੀ-ਦੂਸਰੀ ਅਤੇ ਤੀਸਰੀ-ਚੌਥੀ ਕਲਾਸ ਦੀਆਂ ਵਿਦਿਆਰਥਣਾਂ ਵੱਲੋਂ ਡਾਂਸ ਪੇਸ਼ ਕੀਤੇ ਗਏ। ਅੱਠ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿਚਕਾਰ ਅਜੋਕੀ ਸਾਂਝ ਦੀ ਝਲਕ ਪੇਸ਼ ਕਰਦੀ ਸੁੰਦਰ ਕੋਰੀਓਗ੍ਰਾਫੀ ਪੇਸ਼ ਕੀਤੀ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਰੇ ਅਧਿਆਪਕਾਂ ਨੂੰ ‘ਅਧਿਆਪਕ ਦਿਵਸ’ ਦੀ ਵਧਾਈ ਦਿੱਤੀ ਗਈ। ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਉਹਨਾਂ ਨੇ ਦੱਸਿਆ ਕਿ ਇਹ ਦਿਨ ਭਾਰਤ ਦੇ ਪਹਿਲੇ ਉੱਪ-ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ, ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਹਾੜੇ ਤੇ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਵਾਰ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ 134ਵਾਂ ਜਨਮ ਦਿਵਸ ਮਨਾਇਆ ਗਿਆ। ਉਹ ਇੱਕ ਮਹਾਨ ਵਿਦਵਾਨ, ਵਿਚਾਰਕ ਅਤੇ ਦਾਰਸ਼ਨਿਕ ਸਨ। ਉਹਨਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਦੇ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਇੱਕ ਗੁਰੂ ਹੀ ਆਪਣੇ ਗਿਆਨ ਦੀ ਰੋਸ਼ਨੀ ਨਾਲ ਅਗਿਆਨਤਾ ਦੇ ਹਨੇਰੇ ‘ਚੋਂ ਸਾਡਾ ਮਾਰਗਦਰਸ਼ਨ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਸਾਡੇ ਸ਼ਾਸਤਰਾਂ ਵਿੱਚ ਵੀ ਗੁਰੂਆਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਸੁਨੇਹਾ ਦਿੰਦੇ ਹੋਏ ਉਹਨਾਂ ਕਿਹਾ ਕਿ ਹਰ ਇੱਕ ਵਿਦਿਆਰਥੀ ਨੂੰ ਹਮੇਸ਼ਾਂ ਆਪਣੇ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਕੂਲ ਮੈਨੇਜਮੈਂਟ ਵੱਲੋਂ ਅਧਿਆਪਕਾਂ ਦੇ ਸੰਨਮਾਨ ਵਿੱਚ ਇੱਕ ਟੀ-ਪਾਰਟੀ ਦਾ ਵੀ ਇੰਤਜ਼ਾਮ ਕੀਤਾ ਗਿਆ। ਜਿਸ ਦੌਰਾਨ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਸਮੂਹ ਸਟਾਫ ਦੀ ਮੌਜੂਦਗੀ ਵਿੱਚ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਨੂੰ ਸ਼ਰਧਾਸੁਮਨ ਭੇਂਟ ਕੀਤੇ ਗਏ। ਇਸ ਤੋਂ ਬਾਅਦ ਚੇਅਰਪਰਸਨ ਮੈਡਮ ਅਤੇ ਸਾਰੇ ਸਟਾਫ ਵੱਲੋਂ ਕੇਕ ਕੱਟਿਆ ਗਿਆ ਤੇ ਮੂੰਹ ਮਿੱਠਾ ਕਰਵਾਇਆ ਗਿਆ। ਉਹਨਾਂ ਸਾਰੇ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਵਿਦਿਅਕ ਅਦਾਰੇ ਦੀ ਨੀਂਹ ਉਹਨੀ ਹੀ ਮਜ਼ਬੂਤ ਹੋਵੇਗੀ, ਜਿੰਨ੍ਹਾਂ ਮਿਹਨਤੀ ਅਤੇ ਕਾਰਜਕੁਸ਼ਲ ਉਸ ਅਦਾਰੇ ਦਾ ਸਟਾਫ ਹੋਵੇਗਾ, ਇਸ ਲਈ ਬੀ.ਬੀ.ਐੱਸ. ਨੂੰ ਆਪਣੇ ਅਧਿਆਪਕਾਂ ਉੱਪਰ ਮਾਣ ਹੈ। ਉਹਨਾਂ ਵੱਲੋਂ ਸਮੂਹ ਸਟਾਫ ਨੂੰ ‘ਅਧਿਆਪਕ ਦਿਵਸ’ ਤੇ ਮੁਬਾਰਕਬਾਦ ਦਿੱਤੀ ਗਈ ਅਤੇ ਅਧਿਆਪਕਾਂ ਨੂੰ ਇੱਕ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Comments are closed.