Latest News & Updates

ਬਲੂਮਿੰਗ ਬਡਜ਼ ਸਕੂਲ਼ ਦੇ ਵਿਦਿਆਰਥੀਆਂ ਨੇ ਸੰਗਰੂਰ ਵਿਖੇ ‘ਸ਼ੂਟਿੰਗ ਕੂਆਲੀਫਾਈਂਗ ਮੁਕਾਬਲੇ’ ਚ’ ਜਿੱਤਿਆ ਗੋਲਡ ਮੈਡਲ

ਅਹਿਮਦਾਬਾਦ ਵਿਖੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਚ ਹਿੱਸਾ ਲੈਣਗੇ ਖਿਡਾਰੀ-ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਵਿਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰਦੇ ਹੋਏ ਅੱਗੇ ਵੱਧ ਰਿਹਾ ਹੈ। ਬੀਤੇ ਦਿਨੀ 4-5 ਸਤੰਬਰ ਨੂੰ ਸੰਗਰੂਰ ਵਿਖੇ ਹੋਏ ਆਈ.ਐਸ.ਐਸ.ਐਫ. ਐਂਡ ਨੋਰਥ ਸ਼ੂਟਿੰਗ ਕੁਆਲੀਫਾਈਂਗ ਕੰਪੀਟੀਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਇੱਕ ਵਾਰ ਫਿਰ ਤੋਂ ਸਕੂਲ ਦਾ ਨਾਮ ਉੱਚਾ ਕੀਤਾ ਹੈ। ਜੇਤੂ ਖਿਡਾਰੀਆਂ ਅਤੇ ਸ਼ੂਟਿੰਗ ਕੋਚ ਹਰਜੀਤ ਸਿੰਘ ਨੂੰ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਮੁਬਾਰਕਬਾਦ ਦਿੱਤੀ ਗਈ। ਕੋਚ ਹਰਜੀਤ ਸਿੰਘ ਦੀ ਯੋਗ ਅਗੁਵਾਈ ਹੇਠ ਸਕੂਲ ਦੇ ਵਿਦਿਆਰਥੀ ਹਰਜਾਪ ਸਿੰਘ ਨੇ ਯੂਥ ਕੈਟਾਗਿਰੀ ਵਿੱਚ ਹਿੱਸਾ ਲਿਆ ਅਤੇ ਕੈਟਾਗਿਰੀ ਮੁਤਾਬਿਕ ਗੋਲਡ ਮੇਡਲ ਹਾਸਿਲ ਕੀਤਾ। ਹਰਜਾਪ ਸਿੰਘ ਦਾ ਸਕੋਰ 585/600 ਅਤੇ 610.9 ਡਿਜੀਟਲ ਰਿਹਾ। ਸਬ-ਯੂਥ ਕੈਟਾਗਿਰੀ ਵਿੱਚ ਚੌਥਾ ਸਥਾਨ ਪ੍ਰਾਪਤ ਕਰਨ ਵਾਲੇ ਸਾਹਿਬ ਅਰਜੁਨ ਸਿੰਘ ਨੇ 553/600 ਅਤੇ 582.20 ਡਿਜੀਟਲ ਦਾ ਸ਼ਾਨਦਾਰ ਸਕੋਰ ਹਾਸਿਲ ਕੀਤਾ। ਇਸ ਤੋਂ ਇਲਾਵਾ ਯੂਥ ਕੈਟਾਗਿਰੀ ਵਿੱਚ ਹੀ ਹਰਕਰਨਵੀਰ ਸਿੰਘ ਨੇ 548/600 ਅਤੇ 574.10 ਡਿਜੀਟਲ ਦਾ ਸਨਮਾਨਜਨਕ ਸਕੋਰ ਹਾਸਿਲ ਕੀਤਾ। ਜਾਣਕਾਰੀ ਲਈ ਦੱਸਣਯੋਗ ਹੈ ਕਿ ਇਹ ਸ਼ੂਟਿੰਗ ਟੂਰਨਾਮੈਂਟ ਸਟੇਟ ਪੱਧਰ ਤੇ ਓਪਨ ਟੂਰਨਾਮੈਂਟ ਸੀ ਜਿਸ ਦਾ ਮਕਸਦ ਕੋਰੋਨਾ ਕਾਲ ਦੌਰਾਨ ਰਾਸ਼ਟਰੀ ਪੱਧਰ ਤੇ ਕੁਆਲੀਫਾਈ ਕਰਨ ਦਾ ਮੌਕਾ ਨਾ ਮਿਲਣ ਵਾਲੇ ਖਿਡਾਰੀਆਂ ਨੂੰ ਮੌਕਾ ਦੇਣਾ ਸੀ। ਇਸ ਮੁਕਾਬਲੇ ਵਿੱਚ ਪੰਜਾਬ, ਹਰਿਆਨਾ, ਹਿਮਾਚਲ ਸਮੇਤ ਕਈ ਵੱਡੀਆਂ ਅਕੈਡਮੀਆਂ ਜਿਵੇਂ ਕਿ ਪੀ.ਏ.ਪੀ., ਬਾਦਲ ਅਕੈਡਮੀ ਅਤੇ ਹੋਰ ਕਈ ਯੂਨੀਵਰਸਟੀਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਬਲੂਮਿੰਗ ਬਡਜ਼ ਸਕੂਲ ਦੇ ਇੱਕ ਵਿਦਿਆਰਥੀ ਹਰਜਾਪ ਸਿੰਘ ਨੇ ਟੂਰਨਾਮੈਂਟ ਵਿੱਚ ਟਾਪ ਅੱਠ ਵਿੱਚ ਛੇਵਾਂ ਸਥਾਨ ਹਾਸਿਲ ਕਰਕੇ ਰਾਸ਼ਟਰੀ ਪੱਧਰ ਤੇ ਪ੍ਰਦਰਸ਼ਨ ਕਰਨ ਲਈ ਆਪਣਾ ਰਸਤਾ ਸਾਫ ਕਰ ਲਿਆ ਹੈ। ਇਹ ਰਾਸ਼ਟਰੀ ਪੱਧਰ ਦਾ ਮੁਕਾਬਲਾ “ਜੀ. ਵੀ. ਮਾਵਾਲਾਂਕਰ ਸ਼ੂਟਿੰਗ ਕੰਪੀਟੀਸ਼ਨ” ਅਹਿਮਦਾਬਾਦ, ਗੁਜਰਾਤ ਵਿਖੇ ਖੇਡਿਆ ਜਾਵੇਗਾ। ਇਹ ਮੁਕਾਬਲਾ 10 ਅਕਤੂਬਰ ਤੋਂ 30 ਅਕਤੂਬਰ, 2021 ਤੱਕ ਹੋਵੇਗਾ । ਚੇਅਰਪਰਸਨ ਮੈਡਮ ਕਮਲ ਸੈਣੀ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀ ਰਾਸ਼ਟਰੀ ਪੱਧਰ ਉੱਤੇ ਵੀ ਆਪਣੇ ਸਕੂਲ, ਮਾਤਾ ਪਿਤਾ, ਸ਼ਹਿਰ ਅਤੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰਨਗੇ।

Comments are closed.