ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਦੀਆਂ 15ਵੀਆਂ ਸਲਾਨਾ ਖੇਡਾਂ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਮਹਾਨ ਕ੍ਰਿਕੇਟਰ ਕਪਿਲ ਦੇਵ ਜੀ ਬੀ.ਬੀ.ਐੱਸ. ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਮੌਜੂਦਗੀ ਵਿੱਚ ਸਕੂਲ ਦੇ ਸੀਨੀਅਰ ਵਿਦਿਆਰਥੀਆਂ ਦੇ ਰੂਬਰੂ ਹੋਏ ਅਤੇ ਉਹਨਾਂ ਦਾ ਮਾਰਗ ਦਰਸ਼ਨ ਕੀਤਾ। ਆਪਣਾ ਸੰਬੋਧਨ ਸ਼ੁਰੂ ਕਰਦਿਆਂ ਉਹਨਾਂ ਕਿਹਾ ਕਿ ਮੈਂ ਜਦੋਂ ਦਾ ਮੋਗੇ ਪਹੁੰਚਿਆਂ ਹਾਂ ਹਰ ਕੋਈ ਮੈਨੂੰ ਆਟੋਗ੍ਰਾਫ ਜਾਂ ਸੈਲਫੀ ਲਈ ਕਹਿ ਰਿਹਾ ਹੈ। ਪਰ ਮੈਂ ਤੁਹਾਨੂ ਇਹੋ ਕਹਾਂਗਾ ਕਿ ਜੋ ਮਜ਼ਾ ਆਟੋਗ੍ਰਾਫ ਦੇਣ ਵਿੱਚ ਆਉਂਦਾ ਹੈ ਉਹ ਮਜ਼ਾ ਆਟੋਗ੍ਰਾਫ ਲੈਣ ਵਿੱਚ ਨਹੀਂ, ਇਸ ਲਈ ਆਪਣੀ ਜਿੰਦਗੀ ਵਿੱਚ ਭਰਪੂਰ ਮਿਹਨਤ ਕਰੋ ਤੇ ਆਟੋਗ੍ਰਾਫ ਦੇਣ ਵਾਲੇ ਬਣੋ। ਜ਼ਿੰਦਗੀ ਵਿੱਚ ਕੁੱਝ ਵੀ ਹਾਸਿਲ ਕਰਨਾ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਇਸ ਲਈ ਇਹ ਸਮਾਂ ਸੋਚ ਨੂੰ ਬਦਲਣ ਦਾ ਹੈ। ਉਹਨਾਂ ਵਿਦਿਆਰਥੀਆਂ ਦਾ ਮਰਗ ਦਰਸ਼ਨ ਕਰਦਿਆ ਕਿਹਾ ਕਿ ਕਦੇ ਵੀ ਕਿਸੇ ਦੀ ਰੀਸ ਨਾ ਕਰੋ, ਡੁਪਲੀਕੇਟ ਬਣਨ ਦੀ ਕੋਸ਼ਿਸ਼ ਨਾ ਕਰੋ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰੋ। ਆਪਣੀ ਜ਼ਿੰਦਗੀ ਦਾ ਤਜ਼ੁਰਬਾ ਸਾਂਝਾ ਕਰਦਿਆਂ ਉਹਨਾਂ ਦੱਸਿਆ ਕਿ ਜਦੋਂ ਮੈਂ ਆਪਣੇ ਬੇਟੀ ਦੇ ਸਕੂਲ ਜਾਂਦਾ ਸੀ ਤਾਂ ਉਸ ਦੇ ਟੀਚਰ ਹਮੇਸ਼ਾਂ ਕਹਿੰਦੇ ਸਨ ਕਿ ਤੁਹਾਡੀ ਬੇਟੀ ਬਹੁਤ ਵਧੀਆ ਕਰ ਰਹੀ ਹੈ, ਪਰ ਮੇਰੀ ਸੋਚ ਹਮੇਸ਼ਾਂ ਇਹ ਹੁੰਦੀ ਸੀ ਕਿ ਜਦੋਂ ਮੇਰੀ ਬੇਟੀ ਸਕੂਲ ਵਿੱਚੋਂ ਪੜ੍ਹਾਈ ਪੂਰੀ ਕਰਕੇ ਬਾਹਰ ਜਾਵੇ ਤਾਂ ਉਸਦੀ ਆਪਣੀ ਇੱਕ ਸ਼ਖਸੀਅਤ ਹੋਵੇ। ਤੁਹਾਡੇ ਨੰਬਰ ਅਹਿਮੀਅਤ ਨਹੀਂ ਰੱਖਦੇ ਤੁਹਾਡੀ ਸ਼ਖਸੀਅਤ ਅਹਮੀਅਤ ਰੱਖਦੀ ਹੈ ਅਤੇ ਸ਼ਖਸੀਅਤ ਦਾ ਨਿਰਮਾਣ ਸੱਭ ਤੋਂ ਪਹਿਲਾਂ ਸਕੂਲ ਵਿੱਚ ਹੀ ਹੁੰਦਾ ਹੈ। ਤੁਸੀਂ ਭਵਿੱਖ ਵਿੱਚ ਜਿੱਥੇ ਵੀ ਜਾਓਗੇ ਤੁਹਾਡੀ ਸ਼ਖਸੀਅਤ ਹੀ ਤੁਹਾਡੀ ਮਾਤਰਭੂਮੀ ਦੀ ਪਹਿਚਾਣ ਦੱਸੇਗੀ। ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਪੰਜਾਬ ਪੂਰੀ ਤਰ੍ਹਾਂ ਤਰੱਕੀ ਦੀ ਰਾਹ ਤੇ ਸੀ, ਪਰ ਜੇਕਰ ਤੁਸੀਂ ਚਾਹੋਂ ਤਾਂ ਪੰਜਾਬ ਨੂੰ ਮੁੜ੍ਹ ਤਰੱਕੀ ਦੀਆਂ ਰਾਹਾਂ ਤੇ ਲੈਕੇ ਜਾ ਸਕਦੇ ਹੋ। ਇਹ ਤੁਹਾਡੇ (ਵਿਦਿਆਰਥੀਆਂ) ਉੱਪਰ ਹੀ ਨਿਰਭਰ ਕਰਦਾ ਹੈ ਕਿ ਉਹ ਪੰਜਾਬ ਨੂੰ ਕਿਸ ਪੱਧਰ ਤੱਕ ਲੈਕੇ ਜਾਂਦੇ ਹਨ। ਦੁਨੀਆ ਵਿੱਚ ਕੁੱਝ ਵੀ ਹਮੇਸ਼ਾ ਨਹੀਂ ਰਹਿੰਦਾ ਹੈ ਜੇ ਰਹਿੰਦਾ ਹੈ ਤਾਂ ਬਸ ਨਾਮ ਹੀ ਰਹਿ ਜਾਂਦਾ ਹੈ ਇਸ ਲਈ ਆਪਣੇ ਨਾਮ ਦੀ ਪਹਿਚਾਣ ਬਣਾਓ। ਜ਼ਿੰਦਗੀ ਵਿੱਚ ਜੇ ਕੁੱਝ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਕੁੱਝ ਤਿਆਗ ਵੀ ਕਰਨਾ ਪੈਂਦਾ ਹੈ। ਜ਼ਿੰਦਗੀ ਵਿੱਚ ਆਪਣਾ ਇੱਕ ਟੀਚਾ ਬਣਾਓ ਅਤੇ ਉੱਸ ਉੱਪਰ ਹੀ ਆਪਣਾ ਪੂਰਾ ਧਿਆਨ ਕੇਂਦਰਿਤ ਕਰੋ। ਜੇਕਰ ਤੁਸੀਂ ਮੈਦਾਨ ਵਿੱਚ ਹੋ ਤਾਂ ਸਿਰਫ ਖੇਡ ਬਾਰੇ ਸੋਚੋ ਅਤੇ ਜੇਕਰ ਤੁਸੀਂ ਕਲਾਸ ਰੂਮ ਵਿੱਚ ਹੋ ਤਾਂ ਸਿਰਫ ਪੜ੍ਹਾਈ ਬਾਰੇ ਸੋਚੋ ਮਤਲਬ ਜ਼ਿੰਦਗੀ ਵਿੱਚ ਜੋ ਵੀ ਕੰਮ ਕਰੋ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਲਈ ਸਮਰਪਿਤ ਕਰ ਦਿਓ। ਉਹਨਾਂ ਅੱਗੇ ਦੱਸਿਆ ਕਿ ਜਦੋਂ ਅਸੀਂ ਕ੍ਰਿਕਟ ਖੇਡਦੇ ਸੀ ਤਾਂ ਸਾਨੂੰ ਲੱਗਦਾ ਸੀ ਬਾਕੀ ਟੀਮਾਂ ਸਾਡੇ ਨਾਲੋ ਚੰਗੀਆਂ ਹਨ ਪਰ ਸਾਡੀ ਟੀਮ ਜਿਹੀ ਇੱਛਾ ਸ਼ਕਤੀ ਕਿਸੇ ਹੋਰ ਟੀਮ ਵਿੱਚ ਨਹੀਂ ਸੀ ਅਤੇ ਇਹ ਇੱਛਾ ਸ਼ਕਤੀ ਹੀ ਸਾਡੀ ਸਫਲਤਾ ਦਾ ਕਾਰਨ ਬਣੀ। ਆਪਣੇ ਆਪ ਤੇ ਭਰੋਸਾ ਰੱਖਣਾ ਹੀ ਸੱਭ ਤੋਂ ਵੱਧ ਜ਼ਰੂਰੀ ਹੈ। ਨੈਲਸਨ ਮੰਡੇਲਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਮੈਂ ਨੈਲਸਨ ਮੰਡੇਲਾ ਨੂੰ ਆਪਣਾ ਆਦਰਸ਼ ਮੰਨਦਾ ਹਾਂ ਕਿਉਂਕਿ ਉਹਨਾਂ ਦੀ ਸ਼ਖਸੀਅਤ ਵਿੱਚ ਅਨੇਕਾਂ ਗੁਣ ਐਸੇ ਸਨ ਜੋ ਮੈਨੂੰ ਪ੍ਰਭਾਵਿਤ ਕਰਦੇ ਹਨ। ਜ਼ਿੰਦਗੀ ਦਾ 26 ਸਾਲ ਤੋਂ ਵੱਧ ਦਾ ਸਮਾਂ ਜੇਲ ਵਿੱਚ ਕੱਟ ਕੇ ਵੀ ਉਹ ਇਨਸਾਨ ਸਦੀ ਦਾ ਸਭ ਤੋਂ ਮਹਾਨ ਇਨਸਾਨ ਕਹਾਇਆ। ਅੰਤ ਵਿੱਚ ਉਹਨਾਂ ਕਿਹਾ ਕਿ ਜ਼ਿੰਦਗੀ ਵਿੱਚ ਬਹੁਤ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਹਨ ਜਿੰਨ੍ਹਾਂ ਦਾ ਧਿਆਨ ਰੱਖਣ ਨਾਲ ਬਹੁਤ ਵੱਡੇ-ਵੱਡੇ ਨਤੀਜੇ ਮਿਲਦੇ ਹਨ। ਉਹਨਾਂ ਵੱਲੋਂ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਗਿਆ ਕਿ ਉਹ ਬਹੁਤ ਹੀ ਮਹਾਨ ਕੰਮ ਕਰ ਰਹੇ ਹਨ ਕਿਉਂਕਿ ਜ਼ਿੰਦਗੀ ਵਿੱਚ ਵਿਦਿਆ ਦਾ ਦਾਨ ਸਭ ਤੋਂ ਮਹਾਨ ਦਾਨ ਹੁੰਦਾ ਹੈ। ਇਸ ਮੌਕੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਕਪਿਲ ਦੇਵ ਜੀ ਦਾ ਮੋਗਾ ਪਹੁੰਚਣ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਮਹਾਨ ਖਿਡਾਰੀ ਹੀ ਬੱਚਿਆਂ ਦਾ ਮਾਰਗ ਦਰਸ਼ਨ ਕਰ ਸਕਦੇ ਹਨ।
Comments are closed.