Latest News & Updates

ਸਟੇਟ ਅਵਾਰਡ ਲਈ ਰਜਿਸਟਰੇਸ਼ਨ ਸ਼ੁਰੂ – ਫੇਡਰੇਸ਼ਨ

ਕਾਬਿਲ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀ ਸਟੇਟ ਪੱਧਰ ਤੇ ਕੀਤੇ ਜਾਣਗੇ ਸਨਮਾਨਿਤ – ਸੈਣੀ

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਵੱਲੋਂ ਪ੍ਰਾਈਵੇਟ ਸਕੂਲਾਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸਟੇਟ ਅਵਾਰਡ ਸ਼ੁਰੂ ਕਰ ਦਿੱਤੇ ਗਏ ਹਨ। ਜਾਣਕਾਰੀ ਦਿੰਦਿਆਂ ਪੰਜਾਬ ਫੈਡਰੇਸ਼ਨ ਦੀ ਮੋਗਾ ਜ਼ਿਲਾ ਇਕਾਈ ਦੇ ਜ਼ਿਲ੍ਹਾ ਪ੍ਰਦਾਨ ਕੁਲਵੰਤ ਸਿੰਘ ਦਾਨੀ, ਸੀਨਿਅਰ ਮੀਤ ਪ੍ਰਧਾਨ ਸੰਜੀਵ ਕੁਮਾਰ ਸੈਣੀ, ਮੀਤ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਟੇਟ ਅਵਾਰਡ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਅਵਾਰਡ ਲਾਂਚ ਸੈਰਾਮਨੀ ਦੌਰਾਨ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਫੈਡਰੇਸ਼ਨ ਅਤੇ ਇਸ ਦੀਆਂ ਸਹਿਯੋਗੀ ਐਸੋਸੀਏਸ਼ਨਾਂ ਨਾਲ ਸਬੰਧਤ ਪੰਜਾਬ ਵਿਚ 6500 ਸਕੂਲ ਹਨ ਜੋ ਕਿ ਮਿਆਰੀ ਸਿੱਖਿਆ ਦੇਣ ਦੇ ਨਾਲ ਨਾਲ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਦੇ ਰਹੇ ਹਨ। ਪ੍ਰਾਈਵੇਟ ਸੰਸਥਾਵਾਂ ਦਾ ਯੋਗਦਾਨ ਸਿੱਖਿਆ ਦੇ ਖੇਤਰ ਵਿਚ ਬਹੁਤ ਵੱਡਾ ਹੈ ਪਰੰਤੂ ਹੁਣ ਤੱਕ ਸਰਕਾਰ ਵੱਲੋਂ ਇਹਨਾਂ ਸੰਸਥਾਵਾਂ ਅਤੇ ਇਹਨਾਂ ਵਿਚ ਕੰਮ ਕਰਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਸਨਮਾਨਿਤ ਨਹੀਂ ਕੀਤਾ ਗਿਆ ਅਤੇ ਨਾ ਹੀ ਇਹਨਾਂ ਲਈ ਕੋਈ ਅਵਾਰਡ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ ਫੈਡਰੇਸ਼ਨ ਵੱਲੋਂ ਸਟੇਟ ਪੱਧਰ ਤੇ ਅਵਾਰਡ ਸ਼ੁਰੂ ਕਰ ਦਿੱਤੇ ਗਏ ਹਨ ਜਿਹਨਾਂ ਵਿਚੋਂ ਪਹਿਲਾ ਅਵਾਰਡ ਸਕੂਲਾਂ ਲਈ ਹੈ ਜਿਸ ਦੀਆਂ 9 ਕੈਟਾਗਰੀਆਂ ਹਨ ਅਤੇ ਹਰ ਜ਼ਿਲ੍ਹੇ ਦੇ ਦੋ ਵਧੀਆ ਸਕੂਲ ਨੂੰ ਹਰੇਕ ਕੈਟਾਗਰੀ ਲਈ ਅਵਾਰਡ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਪੰਜਾਬ ਦੇ 22 ਜ਼ਿਲਿ੍ਹਆਂ ਵਿਚੋਂ ਹਰ ਜ਼ਿਲ੍ਹੇ ਦੇ ਦੋ ਪ੍ਰਿੰਸੀਪਲ ਇੱਕ ਸੀ.ਬੀ.ਐਸ.ਈ. ਬੋਰਡ ਅਤੇ ਇੱਕ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਡਾਇਨਾਮਿਕ ਪ੍ਰਿੰਸੀਪਲ ਅਵਾਰਡ ਦਿੱਤੇ ਜਾਣਗੇ। ਇਹਨਾਂ ਦੋਵਾਂ ਕੈਟਗਰੀਆਂ ਲਈ ਆਨ ਲਾਇਨ ਰਜਿਸਟਰੇਸ਼ਨ 25 ਅਪ੍ਰੈਲ ਤੋਂ ਸ਼ੁਰੂ ਹੈ ਅਤੇ ਸਟੇਟ ਅਵਾਰਡ ਬਹੁਤ ਵੱਡਾ ਸਮਾਗਮ ਕਰਕੇ 12 ਜੂਨ ਨੂੰ ਦਿੱਤੇ ਜਾਣਗੇ। ਇਸੇ ਤਰ੍ਹਾਂ ਹੀ ਪ੍ਰਾਈਵ ੇਟ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ (ਹਰ ਜ਼ਿਲ੍ਹੇ ਵਿਚੋਂ 5 ਅਧਿਆਪਕ) ਨੂੰ ਦਰੋਣਾ ਚਾਰੀਆ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਦਸਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀ ਜਿਹਨਾਂ ਦੀਆਂ ਕਿਸੇ ਵੀ ਬੋਰਡ ਵਿਚੋਂ ਪੁਜੀਸ਼ਨਾਂ ਆਉਣਗੀਆਂ, ਇਹਨਾਂ ਨੂੰ 3 ਸਤੰਬਰ ਨੂੰ ਪਰਾਊਡ ਆਫ ਪੰਜਾਬ ਸਟੇਟ ਪੱਧਰ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਹਨਾਂ ਅਵਾਰਡਾਂ ਦੀ ਸਲੈਕਸ਼ਨ ਲਈ ਚੰਡੀਗੜ੍ਹ ਯੂਨੀਵਰਸਿਟੀ ਨਿਰਪੱਖ ਐਵਾਰਡ ਸਲੈਕਸ਼ਨ ਕਮੇਟੀ ਦੇ ਮੋਢੀ ਮੈਂਬਰ ਵਜੋਂ ਕੰਮ ਕਰੇਗੀ। ਕਮੇਟੀ ਵਿਚ ਹੋਰ ਯੂਨੀਵਰਸਿਟੀਆਂ ਅਤੇ ਸਕੂਲਾਂ ਨਾਲ ਸਬੰਧਤ ਅਦਾਰਿਆਂ ਦੇ ਉੱਘੇ ਸਿੱਖਿਆ ਸ਼ਾਸਤਰੀ ਹੋਣਗੇ। ਇਹਨਾਂ ਅਵਾਰਡਾਂ ਨੂੰ ਲੈ ਕੇ ਪ੍ਰਾਈਵੇਟ ਸੰਸਥਾਵਾਂ ਵਿਚ ਖੁਸ਼ੀ ਦੀ ਲਹਿਰ ਹੈ।

Comments are closed.