Latest News & Updates

ਸਿੱਖਿਆ ਬਚਾਓ—ਪੰਜਾਬ ਬਚਾਓ ਮੁਹਿੰਮ ਦੀ ਸ਼ੁਰੂਆਤ 13 ਨਵੰਬਰ ਤੋਂ – ਸੈਣੀ

ਟੈਕਸ ਫਰੀ ਸਿੱਖਿਆ ਦੀ ਮੰਗ ਨੂੰ ਲੈ ਕੇ ਵੱਡਾ ਪ੍ਰਦਰਸ਼ਨ—ਡਾ. ਧੂਰੀ

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ, ਜੁਆਇੰਟ ਐਸੋਸੀਏਸ਼ਨਜ਼ ਆਫ ਕਾਲਜਜ਼ (ਜੈਕ), ਰਾਸਾ (ਯੂ.ਕੇ.), ਰਾਸਾ (ਪੰਜਾਬ), ਕਾਸਾ, ਪੂਸਾ, ਪੀ.ਪੀ.ਐਸ.ਓ. ਅਤੇ ਈ.ਸੀ.ਐਸ. ਦੇ ਸਾਂਝੇ ਸੱਦੇ ਤੇ ਪੰਜਾਬ ਦੀਆਂ ਸਮੂਹ ਵਿੱਦਿਅਕ ਸੰਸਥਾਵਾਂ 13 ਨਵੰਬਰ ਨੂੰ ਸਿੱਖਿਆ ਬਚਾਓ ਰੈਲੀ ਦੀ ਸ਼ੁਰੂਆਤ ਕਰਨਗੀਆਂ। ਇਸ ਰੈਲੀ ਦੇ ਪਹਿਲੇ ਕਦਮ ਵਜੋਂ ਸਿੱਖਿਆ ਸੰਸਥਾਵਾਂ ਵਿੱਚ ਚੱਲਣ ਵਾਲੀਆਂ ਬੱਸਾਂ ਸ਼ਾਂਤਮਈ ਤਰੀਕੇ ਨਾਲ ਪੰਜਾਬ ਦੀਆਂ ਮੁੱਖ ਨੈਸ਼ਨਲ ਅਤੇ ਸਟੇਟ ਹਾਈਵੇ ਉੱਪਰ ਖੜੀਆਂ ਕੀਤੀਆਂ ਜਾਣਗੀਆਂ। ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਪੰਜਾਬ ਦੀਆਂ ਪ੍ਰਾਈਵੇਟ ਸੰਸਥਾਵਾਂ ਦਾ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਹਨਾਂ ਸੰਸਥਾਵਾਂ ਵਿੱਚ ਲਗਭਗ 36 ਲੱਖ ਵਿਦਿਆਰਥੀ ਪੜ੍ਹਦੇ ਹਨ ਅਤੇ 7 ਲੱਖ ਕਰਮਚਾਰੀ ਕੰਮ ਕਰਦੇ ਹਨ। ਇਹ ਸੰਸਥਾਵਾਂ ਪੰਜਾਬ ਵਿੱਚ ਸਭ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾ ਰਹੀਆਂ ਹਨ ਪਰ ਸਰਕਾਰਾਂ ਵੱਲੋਂ ਇਹਨਾਂ ਦੇ ਯੋਗਦਾਨ ਨੂੰ ਸਰਾਹਿਆ ਨਹੀਂ ਗਿਆ। ਸੰਸਥਾਵਾਂ ਸਰਕਾਰ ਵੱਲੋਂ ਲਗਾਏ ਗਏ ਵੱਖ ਵੱਖ ਟੈਕਸਾਂ ਦੀ ਭੇਂਟ ਚੜ ਰਹੀਆਂ ਹਨ। ਇਸ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਅਤੇ ਸਰਕਾਰ ਨੂੰ ਸਿੱਖਿਆ ਸੰਸਥਾਵਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਸਿੱਖਿਆ ਨੂੰ ਟੈਕਸ ਮੁਕਤ ਕਰਵਾਉਣਾ ਹੈ। ਸਾਰੀਆਂ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਉਹ ਸਰਕਾਰ ਤੋਂ ਬੱਸਾਂ ਦਾ ਟੈਕਸ, ਪ੍ਰਾਪਰਟੀ ਟੈਕਸ ਅਤੇ ਕਮਰਸ਼ੀਅਲ ਬਿਜਲੀ ਦਾ ਬਿੱਲ ਤੋਂ ਛੋਟ ਕਰਵਾ ਕੇ ਇਸ ਦਾ ਫਾਇਦਾ ਵਿਦਿਆਰਥੀਆਂ ਦੇ ਮਾਪਿਆਂ ਨੂੰ ਦੇਣਗੀਆਂ। ਇਸ ਮੌਕੇ ਫੈਡਰੇਸ਼ਨ ਦੇ ਕਨਵੀਨਰ ਸੰਜੀਵ ਕੁਮਾਰ ਸੈਣੀ, ਜ਼ਿਲਾ ਮੋਗਾ ਦੇ ਪ੍ਰਧਾਨ ਕੁਲਵੰਤ ਸਿੰਘ ਦਾਨੀ, ਸੀਨਿਅਰ ਉਪ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ, ਨਰ ਸਿੰਘ ਬਰਾੜ, ਜਤਿੰਦਰ ਗਰਗ ਤੇ ਮੋਗਾ ਜ਼ਿਲੇ ਦੀ ਕੋਰ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਨਵੰਬਰ ਨੂੰ ਮੋਗਾ ਜ਼ਿਲੇ ਵੱਲੋਂ ਸੜਕਾਂ ਨੂੰ ਬੱਸਾਂ ਦੇ ਪੀਲੇ ਰੰਗ ਨਾਲ ਰੰਗ ਦਿੱਤਾ ਜਾਵੇਗਾ। ਇਸ ਰੈਲੀ ਦੌਰਾਨ ਬੱਸਾਂ ਸੜਕ ਦੇ ਇੱਕ ਪਾਸੇ ਖੜੀਆਂ ਰਹਿਣਗੀਆਂ ਅਤੇ ਟਰੈਫਿਕ ਵਿੱਚ ਕੋਈ ਵਿਘਨ ਨਹੀਂ ਪਾਉਣਗੀਆਂ। ਸਿੱਖਿਆ ਬਚਾਓ ਮੁਹਿੰਮ ਦੇ ਅਗਲੇ ਪੜਾਅ 13 ਨਵੰਬਰ ਤੋਂ ਬਾਅਦ ਘੋਸ਼ਿਤ ਕੀਤੇ ਜਾਣਗੇ।

Comments are closed.