ਬਲੂਮਿੰਗ ਬਡਜ਼ ਏ.ਬੀ.ਸੀ. ਮੌਂਟੇਸਰੀ ਸਕੂਲ ਵਿਖੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰੇ ਦਾ ਤਿਉਹਾਰ: ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਹਿੱਸੇ ਬਲੂਮਿੰਗ ਬਡਜ਼ ਏ.ਬੀ.ਸੀ. ਮੌਂਟੇਸਰੀ ਸਕੂਲ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ੍ਰੀਮਤੀ ਕਮਲ ਸੈਣੀ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਸਵੇਰ ਦੀ ਸਭਾ ਦੌਰਾਨ ਦੁਸਹਿਰੇ ਨਾਲ ਸਬੰਧਤ ਜਾਣਕਾਰੀ ਭਰਪੂਰ ਆਰਟੀਕਲ ਪੇਸ਼ ਕੀਤੇ ਅਤੇ ਸੁੰਦਰ ਚਾਰਟਾਂ ਰਾਹੀਂ ਤਿਉਹਾਰ ਦੀ ਮਹੱਤਤਾ ਨੂੰ ਦਰਸਾਇਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਨੇ ਬੱਚਿਆਂ ਨਾਲ ਦੁਸਹਿਰੇ ਦੇ ਇਤਿਹਾਸ ਅਤੇ ਧਾਰਮਿਕ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਦੁਸਹਿਰਾ ਮੁੱਖ ਤੌਰ ’ਤੇ ਭਗਵਾਨ ਸ੍ਰੀ ਰਾਮ ਜੀ ਵੱਲੋਂ ਰਾਵਣ ਉੱਤੇ ਪ੍ਰਾਪਤ ਕੀਤੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਬੁਰਾਈ ਉੱਤੇ ਚੰਗਿਆਈ, ਅਧਰਮ ਉੱਤੇ ਧਰਮ ਅਤੇ ਅਸੱਤ ਉੱਤੇ ਸੱਚ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਧਾਰਮਿਕ ਮਾਨਤਾਵਾਂ ਅਨੁਸਾਰ ਇਸੇ ਦਿਨ ਮਾਤਾ ਦੁਰਗਾ ਨੇ ਮਹਿਸ਼ਾਸੁਰ ਨਾਮਕ ਰਾਖਸ਼ ਦਾ ਅੰਤ ਕੀਤਾ ਸੀ। ਉਨ੍ਹਾਂ ਬੱਚਿਆਂ ਨੂੰ ਤਿਉਹਾਰਾਂ ਦੇ ਪਿੱਛੇ ਛੁਪੇ ਨੈਤਿਕ ਅਤੇ ਸੱਭਿਆਚਾਰਕ ਸੰਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਚੇਅਰਪਰਸਨ ਸ੍ਰੀਮਤੀ ਕਮਲ ਸੈਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਤੋਂ ਸੱਚਾਈ, ਮਰਿਆਦਾ ਅਤੇ ਨੇਕੀ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ, ਚੰਗੇ ਸੰਸਕਾਰ ਅਪਣਾਉਣ ਅਤੇ ਆਪਣੇ ਅੰਦਰ ਮੌਜੂਦ ਬੁਰੀਆਂ ਆਦਤਾਂ ਨੂੰ ਤਿਆਗਣ ਦਾ ਸੰਦੇਸ਼ ਦਿੱਤਾ। ਉਹਨਾਂ ਅੱਗੇ ਕਿਹਾ ਕਿ ਸਾਡੇ ਹਰ ਤਿਉਹਾਰ ਦਾ ਆਪਣਾ ਵਿਸ਼ੇਸ਼ ਮਹੱਤਵ ਅਤੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਸੰਦੇਸ਼ ਹੁੰਦਾ ਹੈ। ਦੁਸਹਿਰਾ ਸਾਨੂੰ ਸਿਖਾਉਂਦਾ ਹੈ ਕਿ ਬੁਰਾਈ ਭਾਵੇਂ ਕਿੰਨੀ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਅੰਤ ਵਿੱਚ ਜਿੱਤ ਹਮੇਸ਼ਾ ਸੱਚਾਈ ਅਤੇ ਚੰਗਿਆਈ ਦੀ ਹੀ ਹੁੰਦੀ ਹੈ। ਉਨ੍ਹਾਂ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਅਤੇ ਆਪਣੇ ਜੀਵਨ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।