Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ

ਬੁਰਾਈ ਭਾਵੇਂ ਕਿੰਨੀ ਵੀ ਤਾਕਤਵਰ ਹੋਵੇ, ਅੰਤ ਹਮੇਸ਼ਾ ਸੱਚਾਈ ਤੇ ਚੰਗਿਆਈ ਦੀ ਜਿੱਤ ਹੁੰਦੀ ਹੈ: ਡਾ. ਨਿਧੀ ਬਰਾੜ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਦੁਸਹਿਰੇ ਦੇ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਦੁਸਹਿਰੇ ਦੇ ਇਤਿਹਾਸ, ਧਾਰਮਿਕ ਮਹੱਤਵ ਅਤੇ ਇਸ ਨਾਲ ਜੁੜੀਆਂ ਪਰੰਪਰਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਤਿਉਹਾਰ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਦੁਸਹਿਰੇ ਨਾਲ ਸਬੰਧਤ ਜਾਣਕਾਰੀ ਭਰਪੂਰ ਆਰਟੀਕਲ ਪੜ੍ਹੇ ਗਏ ਅਤੇ ਸੁੰਦਰ ਚਾਰਟ ਪੇਸ਼ ਕੀਤੇ ਗਏ। ਜੂਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਵੀ ਬੜੇ ਉਤਸ਼ਾਹ ਨਾਲ ਦੁਸਹਿਰੇ ਨਾਲ ਸਬੰਧਤ ਰੰਗ-ਬਿਰੰਗੇ ਚਾਰਟ ਤਿਆਰ ਕੀਤੇ ਅਤੇ ਇਸ ਤਿਉਹਾਰ ਦੀ ਮਹੱਤਤਾ ਨੂੰ ਦਰਸਾਉਂਦੀਆਂ ਕਵਿਤਾਵਾਂ ਸੁਣਾਈਆਂ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਬਾਰੇ ਆਪਣੇ ਗਿਆਨ ਵਿੱਚ ਵਾਧਾ ਕੀਤਾ। ਵਿਦਿਆਰਥੀਆਂ ਨੇ ਆਪਣੇ ਆਰਟੀਕਲਾਂ ਰਾਹੀਂ ਦੱਸਿਆ ਕਿ ਦੁਸਹਿਰਾ ਭਾਰਤ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ, ਜਿਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ। ਉੱਤਰੀ, ਮੱਧ ਅਤੇ ਪੱਛਮੀ ਭਾਰਤ ਵਿੱਚ ਇਹ ਤਿਉਹਾਰ ਮੁੱਖ ਤੌਰ ’ਤੇ ਭਗਵਾਨ ਸ਼੍ਰੀ ਰਾਮ ਵੱਲੋਂ ਲੰਕਾ ਦੇ ਰਾਜਾ ਰਾਵਣ ਉੱਤੇ ਪ੍ਰਾਪਤ ਕੀਤੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਜਿੱਤ ਬੁਰਾਈ ਉੱਤੇ ਚੰਗਿਆਈ ਅਤੇ ਅਨਿਆਂ ਉੱਤੇ ਨਿਆਂ ਦੀ ਜਿੱਤ ਦਾ ਪ੍ਰਤੀਕ ਹੈ। ਉੱਥੇ ਹੀ ਦੇਸ਼ ਦੇ ਦੱਖਣੀ, ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਵਿੱਚ ਇਹ ਤਿਉਹਾਰ ਵਿਜੈਦਸ਼ਮੀ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦਿਨ ਮਾਂ ਦੁਰਗਾ ਨੇ ਮਹਿਸ਼ਾਸੁਰ ਨਾਮਕ ਦਾਨਵ ਦਾ ਅੰਤ ਕਰਕੇ ਧਰਮ ਅਤੇ ਸੱਚਾਈ ਦੀ ਜਿੱਤ ਸਥਾਪਿਤ ਕੀਤੀ ਸੀ। ਇਸ ਮੌਕੇ ਸਕੂਲ ਦੀ ਵਾਈਸ ਪ੍ਰਿੰਸੀਪਲ ਡਾ. ਨਿਧੀ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਸੱਚਾਈ, ਨਿਆਂ, ਨੇਕੀ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬੁਰਾਈ ਭਾਵੇਂ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ, ਅੰਤ ਵਿੱਚ ਜਿੱਤ ਚੰਗਿਆਈ ਦੀ ਹੀ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਦੁਸਹਿਰੇ ਦਾ ਅਸਲ ਅਰਥ ਸਿਰਫ਼ ਰਾਵਣ ਦੇ ਪੁਤਲੇ ਦਾ ਦਹਨ ਕਰਨਾ ਨਹੀਂ, ਸਗੋਂ ਆਪਣੇ ਅੰਦਰ ਮੌਜੂਦ ਹੰਕਾਰ, ਈਰਖਾ, ਕ੍ਰੋਧ, ਝੂਠ ਅਤੇ ਹੋਰ ਬੁਰਾਈਆਂ ਨੂੰ ਖ਼ਤਮ ਕਰਨਾ ਹੈ। ਜੇਕਰ ਹਰ ਵਿਅਕਤੀ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰਨ ਦਾ ਯਤਨ ਕਰੇ, ਤਾਂ ਸਮਾਜ ਨੂੰ ਹੋਰ ਬਿਹਤਰ ਅਤੇ ਸੁਖਾਵਾਂ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਿਉਹਾਰਾਂ ਦੇ ਅਸਲ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਹਮੇਸ਼ਾ ਸੱਚਾਈ ਤੇ ਨੇਕੀ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ।