ਬਲੂਮਿੰਗ ਬਡਜ਼ ਸਕੂਲ ਵਿਖੇ ਊਰਜਾ ਸੰਭਾਲ ਵਿਸ਼ੇ ’ਤੇ ਸਕੂਲ ਪੱਧਰੀ ਪੇਂਟਿੰਗ ਮੁਕਾਬਲਾ ਕਰਵਾਇਆ
100 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਭਾਗ: ਪ੍ਰਿੰਸੀਪਲ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਵਿਦਿਆਰਥੀਆਂ ਨੂੰ ਊਰਜਾ ਦੀ ਮਹੱਤਤਾ, ਇਸ ਦੀ ਸੰਭਾਲ ਅਤੇ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਊਰਜਾ ਸੰਭਾਲ ਵਿਸ਼ੇ ’ਤੇ ਸਕੂਲ ਪੱਧਰੀ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਭਾਖੜਾ ਬਿਆਸ ਪ੍ਰਬੰਧਨ ਬੋਰਡ (ਭਭੰਭ) ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਕੂਲ ਪੱਧਰੀ ਪੇਂਟਿੰਗ ਮੁਕਾਬਲੇ 2026 ਦਾ ਹਿੱਸਾ ਸੀ। ਇਸ ਮੁਕਾਬਲੇ ਵਿੱਚ ਸਕੂਲ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਹਦਾਇਤਾਂ ਅਨੁਸਾਰ ਮੁਕਾਬਲੇ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਗਰੁੱਪ ‘ਏ’ ਵਿੱਚ ਪੰਜਵੀਂ, ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਦਕਿ ਗਰੁੱਪ ‘ਬੀ’ ਵਿੱਚ ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਸ਼ਾਮਲ ਹੋਏ। ਵਿਦਿਆਰਥੀਆਂ ਨੇ ਆਪਣੀਆਂ ਪੇਂਟਿੰਗਾਂ ਰਾਹੀਂ ਊਰਜਾ ਦੀ ਬੱਚਤ, ਬਿਜਲੀ ਦੀ ਸਹੀ ਵਰਤੋਂ ਅਤੇ ਊਰਜਾ ਸੁਰੱਖਿਆ ਦੀ ਮਹੱਤਤਾ ਨੂੰ ਬਹੁਤ ਹੀ ਰਚਨਾਤਮਕ ਢੰਗ ਨਾਲ ਦਰਸਾਇਆ। ਇਸ ਮੁਕਾਬਲੇ ਦੇ ਮੁੱਖ ਵਿਸ਼ੇ ‘ਸਕੂਲ ਅਤੇ ਘਰ ਵਿੱਚ ਊਰਜਾ ਦੀ ਬੱਚਤ’ ਅਤੇ ‘ਊਰਜਾ ਸੰਭਾਲ ਹੀ ਊਰਜਾ ਸੁਰੱਖਿਆ ਦੀ ਕੁੰਜੀ ਹੈ’ ਸਨ। ਇਨ੍ਹਾਂ ਵਿਸ਼ਿਆਂ ਰਾਹੀਂ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਊਰਜਾ ਦੀ ਬੱਚਤ ਸਿਰਫ਼ ਸਾਡੀ ਲੋੜ ਹੀ ਨਹੀਂ, ਸਗੋਂ ਵਾਤਾਵਰਨ ਦੀ ਸੁਰੱਖਿਆ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਸਰੋਤਾਂ ਨੂੰ ਬਚਾਉਣ ਵਾਸਤੇ ਸਾਡੀ ਸਾਂਝੀ ਜ਼ਿੰਮੇਵਾਰੀ ਵੀ ਹੈ। ਬੱਚਿਆਂ ਨੇ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਬੇਲੋੜੀਆਂ ਬੱਤੀਆਂ ਅਤੇ ਬਿਜਲੀ ਦੇ ਉਪਕਰਨ ਬੰਦ ਰੱਖਣ, ਊਰਜਾ ਦੀ ਫਜ਼ੂਲ ਵਰਤੋਂ ਤੋਂ ਬਚਣ ਅਤੇ ਊਰਜਾ ਸੰਭਾਲ ਦੀਆਂ ਆਦਤਾਂ ਅਪਣਾਉਣ ਵਰਗੇ ਮਹੱਤਵਪੂਰਨ ਸੰਦੇਸ਼ ਪੇਸ਼ ਕੀਤੇ। ਮੁਕਾਬਲੇ ਤੋਂ ਬਾਅਦ ਦੋਵਾਂ ਗਰੁੱਪਾਂ ਵਿੱਚੋਂ ਦੋ-ਦੋ ਸਰਵੋਤਮ ਪੇਂਟਿੰਗਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਅਗਲੇ ਪੱਧਰ ਦੇ ਮੁਕਾਬਲੇ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਨੋਡਲ ਅਧਿਕਾਰੀ ਕੋਲ ਭੇਜਿਆ ਜਾਵੇਗਾ। ਅਗਲੇ ਪੜਾਅ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਹੋਰ ਮੌਕਾ ਮਿਲੇਗਾ ਅਤੇ ਉਹ ਰਾਜ ਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਤੱਕ ਪਹੁੰਚ ਸਕਣਗੇ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਸਿਰਜਣਾਤਮਕ ਸੋਚ ਨੂੰ ਵਿਕਸਿਤ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਅਤੇ ਊਰਜਾ ਦੀ ਸੰਭਾਲ ਵਰਗੀਆਂ ਮਹੱਤਵਪੂਰਨ ਕਦਰਾਂ-ਕੀਮਤਾਂ ਪੈਦਾ ਕਰਦੇ ਹਨ। ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਊਰਜਾ ਬਚਾਉਣ ਵਾਲੀਆਂ ਆਦਤਾਂ ਅਪਣਾਉਣ ਅਤੇ ਸਮਾਜ ਵਿੱਚ ਇਸ ਸਬੰਧੀ ਜਾਗਰੂਕਤਾ ਫੈਲਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਹਨਾਂ ਨੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਰਚਨਾਤਮਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਊਰਜਾ ਦੀ ਸੰਭਾਲ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ ਅਤੇ ਵਿਦਿਆਰਥੀ ਇਸ ਸਬੰਧੀ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਹਮੇਸ਼ਾ ਯਤਨਸ਼ੀਲ ਰਹਿਣ ਦਾ ਸੰਦੇਸ਼ ਦਿੱਤਾ।