ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ ਮਹਾਂਰਿਸ਼ੀ ਵਾਲਮੀਕੀ ਜਯੰਤੀ
ਵਿਦਿਆਰਥੀਆਂ ਨੇ ਮਹਾਂਰਿਸ਼ੀ ਵਾਲਮੀਕੀ ਜੀ ਦੇ ਜੀਵਨ, ਸਿੱਖਿਆਵਾਂ ਅਤੇ ਮਹਾਨ ਰਚਨਾ ‘ਰਾਮਾਇਣ’ ਬਾਰੇ ਜਾਣਕਾਰੀ ਕੀਤੀ ਸਾਂਝੀ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਮਹਾਂਰਿਸ਼ੀ ਵਾਲਮੀਕੀ ਜਯੰਤੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਮਹਾਂਰਿਸ਼ੀ ਵਾਲਮੀਕੀ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਭਾਰਤੀ ਸਾਹਿਤ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਮਹਾਂਰਿਸ਼ੀ ਵਾਲਮੀਕੀ ਜਯੰਤੀ ਨਾਲ ਸਬੰਧਤ ਸੁੰਦਰ ਚਾਰਟ ਤਿਆਰ ਕੀਤੇ ਅਤੇ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਭਰਪੂਰ ਲੇਖ ਪੇਸ਼ ਕੀਤੇ। ਵਿਦਿਆਰਥੀਆਂ ਨੇ ਦੱਸਿਆ ਕਿ ਮਹਾਂਰਿਸ਼ੀ ਵਾਲਮੀਕੀ ਜੀ ਨੂੰ ‘ਆਦਿ ਕਵੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਰਚਿਤ ‘ਵਾਲਮੀਕੀ ਰਾਮਾਇਣ’ ਸੰਸਕ੍ਰਿਤ ਸਾਹਿਤ ਦਾ ਮਹਾਨ ਮਹਾਂਕਾਵਿ ਹੈ। ਇਸ ਰਚਨਾ ਵਿੱਚ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਮਰਿਆਦਾਵਾਂ ਦਾ ਵਿਸਤ੍ਰਿਤ ਵਰਣਨ ਕੀਤਾ ਗਿਆ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਹਾਂਰਿਸ਼ੀ ਵਾਲਮੀਕੀ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਵਾਲਮੀਕੀ ਰਾਮਾਇਣ ਵਿੱਚ ਲਗਭਗ 24,000 ਸ਼ਲੋਕ ਹਨ, ਜੋ ਇਸ ਮਹਾਂਕਾਵਿ ਦੀ ਵਿਸ਼ਾਲਤਾ ਅਤੇ ਮਹੱਤਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਹਾਂਪੁਰਖਾਂ ਦੇ ਜੀਵਨ ਤੋਂ ਸਿੱਖਿਆ ਲੈਂਦਿਆਂ ਆਪਣੇ ਜੀਵਨ ਵਿੱਚ ਸੱਚਾਈ, ਨੇਕੀ, ਗਿਆਨ ਅਤੇ ਚੰਗੇ ਆਚਰਨ ਵਰਗੇ ਗੁਣ ਅਪਣਾਉਣ। ਉਹਨਾਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਾਨੂੰ ਇਹ ਪ੍ਰੇਰਣਾ ਦਿੰਦਾ ਹੈ ਕਿ ਮਨੁੱਖ ਆਪਣੇ ਵਿਚਾਰਾਂ ਅਤੇ ਕਰਮਾਂ ਵਿੱਚ ਬਦਲਾਅ ਲਿਆ ਕੇ ਮਹਾਨਤਾ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ। ਉਨ੍ਹਾਂ ਕਿਹਾ ਕਿ ਮਹਾਂਰਿਸ਼ੀ ਵਾਲਮੀਕੀ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਸਹੀ ਰਾਹ ਦਿਖਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਸਕੁਲ ਵਿੱਚ ਅਜਿਹੇ ਸਮਾਗਮ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਅਤੇ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਨਾਲ ਜਾਣੂ ਕਰਵਾਉਣਾ ਹੈ, ਤਾਂ ਜੋ ਉਹ ਆਪਣੇ ਵਿਰਸੇ ਦਾ ਸਤਿਕਾਰ ਕਰਦਿਆਂ ਚੰਗੇ ਨਾਗਰਿਕ ਬਣ ਸਕਣ। ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।