Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਪੰਜਾਬੀ ਵਿਰਸੇ ਦੀਆਂ ਝਲਕੀਆਂ ਨਾਲ ਮਨਾਇਆ ਗਿਆ ‘ਨਵਾਂ ਪੰਜਾਬ ਦਿਵਸ’

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਸਰਪ੍ਰਸਤੀ ਹੇਠ ‘ਨਵਾਂ ਪੰਜਾਬ ਦਿਵਸ’ ਬੜੇ ਉਤਸ਼ਾਹ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਦੀ ਅਮੀਰ ਵਿਰਾਸਤ, ਪੁਰਾਤਨ ਰੀਤੀ-ਰਿਵਾਜਾਂ, ਲੋਕ-ਕਲਾਵਾਂ ਅਤੇ ਰਵਾਇਤੀ ਖੇਡਾਂ ਨੂੰ ਬੜੇ ਹੀ ਸੁੰਦਰ ਢੰਗ ਨਾਲ ਪੇਸ਼ ਕਰਕੇ ਆਪਣੀ ਮਿੱਟੀ ਨਾਲ ਪਿਆਰ ਦਾ ਪ੍ਰਗਟਾਵਾ ਕੀਤਾ। ਸਮਾਗਮ ਦੀ ਸ਼ੁਰੂਆਤ ਸਵੇਰ ਦੀ ਵਿਸ਼ੇਸ਼ ਸਭਾ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨਾਲ ਸਬੰਧਤ ਜਾਣਕਾਰੀ ਭਰਪੂਰ ਲੇਖ ਪੜ੍ਹੇ ਅਤੇ ਮਨਮੋਹਕ ਚਾਰਟਾਂ ਰਾਹੀਂ ਪੰਜਾਬ ਦੀ ਮਹੱਤਤਾ ਨੂੰ ਦਰਸਾਇਆ। ਉਨ੍ਹਾਂ ਦੱਸਿਆ ਕਿ ਹਰ ਸਾਲ ਪਹਿਲੀ ਨਵੰਬਰ ਨੂੰ ਨਵਾਂ ਪੰਜਾਬ ਦਿਵਸ ਮਨਾਇਆ ਜਾਂਦਾ ਹੈ। ਸਾਲ 1966 ਵਿੱਚ ਇਸੇ ਦਿਨ ਪੰਜਾਬ ਦਾ ਪੁਨਰਗਠਨ ਹੋਇਆ ਸੀ, ਜਿਸ ਦੇ ਨਤੀਜੇ ਵਜੋਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਮੌਜੂਦਾ ਪੰਜਾਬ ਹੋਂਦ ਵਿੱਚ ਆਏ। ਸਮਾਗਮ ਦੌਰਾਨ ਦੂਜੀ ਜਮਾਤ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਪੁਰਾਤਨ ਪੰਜਾਬੀ ਪਹਿਰਾਵੇ ਵਿੱਚ ਸਜ ਕੇ ਮੈਡਮ ਗੁਰਮੀਤ ਦੀ ਅਗਵਾਈ ਹੇਠ ਸ਼ਾਨਦਾਰ ਭੰਗੜਾ ਪੇਸ਼ ਕੀਤਾ। ਦਸਵੀਂ-ਪੀ ਦੇ ਵਿਦਿਆਰਥੀ ਅਮਨਵੀਰ ਸਿੰਘ ਨੇ ਨਸ਼ਿਆਂ ਦੀ ਸਮਾਜਿਕ ਬੁਰਾਈ ਨੂੰ ਉਜਾਗਰ ਕਰਦੀ ਪ੍ਰਭਾਵਸ਼ਾਲੀ ਕਵਿਤਾ ਸੁਣਾਈ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਇਸੇ ਤਰ੍ਹਾਂ ਦਸਵੀਂ ਦੀ ਵਿਦਿਆਰਥਣ ਮਨਸੀਰਤ ਕੌਰ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਪੰਜਾਬੀ ਗੀਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਪੰਜਾਬੀ ਸੱਭਿਆਚਾਰ ਦੀ ਰੌਣਕ ਨੂੰ ਹੋਰ ਵਧਾਉਂਦਿਆਂ ਪੰਜਵੀਂ ਤੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਮੈਡਮ ਤਨੀਸ਼ਾ ਦੀ ਤਿਆਰੀ ਹੇਠ ਰਵਾਇਤੀ ਭੰਗੜਾ ਅਤੇ ਮੈਡਮ ਸਿੰਪਲ ਦੀ ਅਗਵਾਈ ਹੇਠ ਬੋਲੀਆਂ ਸਮੇਤ ਸ਼ਾਨਦਾਰ ਗਿੱਧਾ ਪੇਸ਼ ਕੀਤਾ। ਉਨ੍ਹਾਂ ਦੀਆਂ ਦਿਲਕਸ਼ ਪੇਸ਼ਕਾਰੀਆਂ ਨੇ ਸਮੁੱਚੇ ਮਾਹੌਲ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗ ਦਿੱਤਾ। ਇਸ ਤੋਂ ਇਲਾਵਾ ਅੱਠਵੀਂ-ਐੱਚ ਦੇ ਵਿਦਿਆਰਥੀ ਰਣਵੀਰ ਸਿੰਘ ਨੇ ਪੰਜਾਬ ਦੇ ਪੁਰਾਤਨ ਲੋਕ-ਸਾਜ਼ ‘ਬੁਗਚੂ’ ਦੀ ਧੁਨ ਨਾਲ ਪ੍ਰਸਿੱਧ ਲੋਕ-ਗਾਥਾ ‘ਮਿਰਜ਼ਾ’ ਪੇਸ਼ ਕਰਕੇ ਪੰਜਾਬ ਦੇ ਲੋਕ-ਸੰਗੀਤ ਦੀ ਅਨਮੋਲ ਵਿਰਾਸਤ ਨੂੰ ਜੀਵੰਤ ਕੀਤਾ। ਇਸ ਦਿਨ ਨੂੰ ਹੋਰ ਯਾਦਗਾਰੀ ਬਣਾਉਣ ਲਈ ਵਿਦਿਆਰਥੀਆਂ ਨੇ ਮੈਦਾਨ ਵਿੱਚ ਪੰਜਾਬ ਦੀਆਂ ਪੁਰਾਤਨ ਲੋਕ-ਖੇਡਾਂ ਵੀ ਖੇਡੀਆਂ ਅਤੇ ਇਨ੍ਹਾਂ ਰਵਾਇਤੀ ਖੇਡਾਂ ਦਾ ਭਰਪੂਰ ਆਨੰਦ ਮਾਣਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਆਪਣੇ ਪੁਰਖਿਆਂ ਦੇ ਜੀਵਨ, ਸਾਦਗੀ ਅਤੇ ਸੱਭਿਆਚਾਰਕ ਰਹਿਣ-ਸਹਿਣ ਨਾਲ ਜਾਣੂ ਹੋਣ ਦਾ ਮੌਕਾ ਮਿਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨਾਲ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਇਸ ਦੀ ਵਿਰਾਸਤ ਬੇਹੱਦ ਅਮੀਰ ਅਤੇ ਵਿਲੱਖਣ ਹੈ। ਉਨ੍ਹਾਂ ਗੁਰਮੁਖੀ ਲਿਪੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦਾ ਨਾਮ ਪੰਜ ਦਰਿਆਵਾਂ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ ਦੇ ਆਧਾਰ ‘ਤੇ ਪਿਆ ਹੈ, ਜਿਸ ਦਾ ਅਰਥ ਹੈ ਪੰਜ ਪਾਣੀਆਂ ਦੀ ਧਰਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਦਾ ਸਤਿਕਾਰ ਕਰਨ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿੱਚ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਕਿਹਾ ਕਿ ਸਕੂਲ ਵੱਲੋਂ ਸਮੇਂ-ਸਮੇਂ ‘ਤੇ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਆਪਣੇ ਅਮੀਰ ਵਿਰਸੇ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਨਾਲ-ਨਾਲ ਆਪਣੀ ਭਾਸ਼ਾ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸੰਭਾਲ ਕੇ ਰੱਖਣਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ।ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਇਹ ਸਮਾਗਮ ਵਿਦਿਆਰਥੀਆਂ ਲਈ ਨਾ ਸਿਰਫ਼ ਮਨੋਰੰਜਨ ਦਾ ਸਾਧਨ ਬਣਿਆ, ਸਗੋਂ ਉਨ੍ਹਾਂ ਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੁੜਨ ਅਤੇ ਇਸ ‘ਤੇ ਮਾਣ ਕਰਨ ਦੀ ਪ੍ਰੇਰਣਾ ਵੀ ਦੇ ਗਿਆ।