Latest News & Updates

ਬਲੂਮਿੰਗ ਬਡਜ਼ ਸਕੂਲ ਦੇ ਦੋ ਖਿਡਾਰੀ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ

ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ ‘ਚ ਜਿੱਤੇ 5 ਗੋਲਡ ਮੈਡਲ

ਮੋਗਾ ਸ਼ਹਿਰ ਦੀ ਪ੍ਰਸਿੱਧ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਬਰਕਰਾਰ ਰੱਖਿਆ ਹੋਇਆ ਹੈ। ਇਸੇ ਲੜੀ ਦੇ ਤਹਿਤ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਪੰਜ ਗੋਲਡ ਮੈਡਲ ਜਿੱਤ ਕੇ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਦੇ ਦੋ ਖਿਡਾਰੀ ਐਲਕਸ ਅਤੇ ਨਮਨ ਕਸ਼ਯਪ ਰਾਜ ਪੱਧਰੀ ਸਕੂਲ ਖੇਡਾਂ ਲਈ ਵੀ ਚੁਣੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਇਹ ਬੈਡਮਿੰਟਨ ਮੁਕਾਬਲੇ 14, 15 ਅਤੇ 16 ਅਕਤੂਬਰ ਨੂੰ ਕਰਵਾਏ ਗਏ ਸਨ, ਜਿਨ੍ਹਾਂ ਵਿੱਚ ਬਲਾਕ ਮੋਗਾ-1 ਦੇ ਵੱਖ-ਵੱਖ ਸੈਂਟਰਾਂ ਦੀਆਂ ਟੀਮਾਂ ਨੇ ਭਾਗ ਲਿਆ। ਅੰਡਰ-11 ਲੜਕਿਆਂ ਦੇ ਵਰਗ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਐਲਕਸ, ਨਮਨ ਕਸ਼ਯਪ ਅਤੇ ਸ਼ਹਿਜ਼ਾਦ ਸਿੰਘ ਔਲਖ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਗੋਲਡ ਮੈਡਲ ਆਪਣੇ ਨਾਮ ਕੀਤੇ। ਇਸੇ ਤਰ੍ਹਾਂ ਅੰਡਰ-11 ਲੜਕੀਆਂ ਦੇ ਵਰਗ ਵਿੱਚ ਜਸਲੀਨ ਕੌਰ ਅਤੇ ਜੈਸਮੀਨ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤੇ। ਇਸ ਤਰ੍ਹਾਂ ਸਕੂਲ ਦੇ ਖਿਡਾਰੀਆਂ ਨੇ ਕੁੱਲ ਪੰਜ ਗੋਲਡ ਮੈਡਲ ਜਿੱਤ ਕੇ ਸੰਸਥਾ ਦਾ ਮਾਣ ਵਧਾਇਆ। ਇਸ ਸ਼ਾਨਦਾਰ ਪ੍ਰਾਪਤੀ ਦੇ ਆਧਾਰ ’ਤੇ ਐਲਕਸ ਅਤੇ ਨਮਨ ਕਸ਼ਯਪ 4 ਨਵੰਬਰ ਨੂੰ ਹੋਣ ਵਾਲੀਆਂ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਮੋਗਾ ਜ਼ਿਲੇ ਦੀ ਨੁਮਾਇੰਦਗੀ ਕਰਨਗੇ। ਇਹ ਚੋਣ ਖਿਡਾਰੀਆਂ ਦੀ ਮਿਹਨਤ, ਲਗਨ ਅਤੇ ਬਿਹਤਰੀਨ ਖੇਡ ਸਿਖਲਾਈ ਦਾ ਨਤੀਜਾ ਹੈ। ਸਕੂਲ ਵਿੱਚ ਸਵੇਰ ਦੀ ਸਭਾ ਦੌਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਵਾਈਸ ਪ੍ਰਿੰਸੀਪਲ ਮੈਡਮ ਨਿਧੀ ਬਰਾੜ ਵੱਲੋਂ ਜੇਤੂ ਖਿਡਾਰੀਆਂ ਐਲਕਸ, ਨਮਨ ਕਸ਼ਯਪ, ਸ਼ਹਿਜ਼ਾਦ ਸਿੰਘ ਔਲਖ, ਜਸਲੀਨ ਕੌਰ ਅਤੇ ਜੈਸਮੀਨ ਕੌਰ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਸਕੂਲ ਦੇ ਸਪੋਰਟਸ ਹੈੱਡ ਅਤੇ ਬੈਡਮਿੰਟਨ ਕੋਚ ਸ੍ਰੀ ਪੰਜਾਬ ਮਸੀਹ ਦੀ ਵੀ ਇਸ ਪ੍ਰਾਪਤੀ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਖਿਡਾਰੀਆਂ ਦੀ ਸਫਲਤਾ ਪਿੱਛੇ ਉਨ੍ਹਾਂ ਦੀ ਮਿਹਨਤ ਅਤੇ ਸਹੀ ਮਾਰਗਦਰਸ਼ਨ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਖਿਡਾਰੀਆਂ ਨੂੰ ਉੱਚ ਪੱਧਰੀ ਸਿਖਲਾਈ ਦੇਣ ਲਈ ਅੰਤਰਰਾਸ਼ਟਰੀ ਪੱਧਰ ਦੇ ਦੋ ਵੁੱਡਨ ਬੈਡਮਿੰਟਨ ਕੋਰਟ ਉਪਲਬਧ ਹਨ। ਇਸ ਤੋਂ ਇਲਾਵਾ, ਤਜਰਬੇਕਾਰ ਕੋਚਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਅਤੇ ਵੱਖ-ਵੱਖ ਪੱਧਰਾਂ ਦੇ ਮੁਕਾਬਲਿਆਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ।